ਸਮੱਗਰੀ 'ਤੇ ਜਾਓ

ਪੰਜਾਬੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸੇ ਖਿੱਤੇ ਜਾਂ ਕੌਮ ਦੇ ਲੋਕਾਂ ਦਾ ਜੀਵਨ, ਰਹਿਣ ਸਹਿਣ ਤੇ ਓਥੋਂ ਦੇ ਲੋਕਾਂ ਦੇ ਵਿਚਰਨ ਦੇ ਬਿਰਤਾਂਤ ਨੂੰ ਕਿਸੇ ਵੀ ਲਿਖਤ ਦੇ ਰੂਪ ਵਿਚ ਪੇਸ਼ ਕਰਨਾ ਸਾਹਿਤ ਹੁੰਦਾ ਹੈ। ਪੰਜਾਬੀ ਲੋਕਾਂ ਦੇ ਰਹਿਣ ਸਹਿਣ ਨੂੰ ਵੱਖ ਵੱਖ ਲਿਖਤਾਂ (ਕਵਿਤਾਵਾਂ, ਲੇਖਾਂ, ਗੀਤਾਂ, ਕਹਾਣੀਆਂ, ਗ਼ਜ਼ਲਾਂ, ਵਾਰਾਂ, ਕਿੱਸਿਆਂ, ਇਤਿਹਾਸਿਕ ਲੇਖਾਂ ਤੇ ਹੋਰ ਸਭ ਤਰ੍ਹਾਂ ਦੀਆਂ ਧਾਰਮਿਕ ਰਚਨਾਵਾਂ) ਬਿਆਨ ਕਰਦੀਆਂ ਹਨ ਉਹ ਸਭ ਪੰਜਾਬੀ ਸਾਹਿਤ ਦਾ ਹਿੱਸਾ ਹਨ। ਸਾਹਿਤ ਲੋਕਾਂ ਨੂੰ ਉਹਨਾਂ ਦੇ ਪਿਛੋਕੜ ਨਾਲ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ ਤੇ ਉਹਨਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਵਿਚ ਸਭ ਤਰ੍ਹਾਂ ਦੇ ਰਸ ਵੀ ਭਰਦਾ ਹੈ। ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਸਾਹਿਤ ਨੂੰ ਕਿਹਾ ਜਾਂਦਾ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਹਨਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ 'ਪੰਜਾਬੀ ਸਾਹਿਤ' ਲਈ 'ਪੰਜਾਬੀ ਅਦਬ' ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।

ਕਹਿੰਦੇ ਹਨ ਜਿਸ ਬੋਲੀ ਵਿੱਚ (ਭਾਸ਼ਾ ਵਿੱਚ) ਸਭ ਤੋਂ ਵੱਧ ਰਚਨਾਵਾਂ ਰਚੀਆਂ ਜਾਂਦੀਆਂ ਹਨ ਉਸ ਬੋਲੀ, ਤੇ ਉਸ ਕੌਮ ਦਾ ਸਾਹਿਤ ਸਭ ਤੋਂ ਅਮੀਰ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਲਈ ਪੰਜਾਬ ਦੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ ਜਿਨਾ ਵਿੱਚੋ ਭਾਈ ਕਾਹਨ ਸਿੰਘ ਨਾਭਾ ਜੀ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾ ਸਕਦਾ ਹੈ ਅਤੇ ਜੇਕਰ ਇਸ ਤੋਂ ਵੀ ਪਹਿਲਾਂ ਕਿਸੇ ਦਾ ਨਾਮ ਲਿਆ ਜਾ ਸਕਦਾ ਹੈ ਤਾਂ ਉਹ ਸਾਡੇ ਸਿੱਖ ਧਰਮ ਦੇ ਗੁਰੂ ਸਾਹਿਬਾਨ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਇਸ ਤੋਂ ਬਾਅਦ ਵਿੱਚ ਪੰਜਾਬ ਦਾ ਸਿੱਖ ਇਤਿਹਾਸ ਬਣਿਆ ਜਿਸ ਨੂੰ ਲੇਖਕਾਂ ਨੇ ਵੱਖ ਵੱਖ ਤਰਾਂ ਪੇਸ਼ ਕੀਤਾ ਹੈ ਅਤੇ ਇਹ ਸਭ ਸਾਡੇ ਸਾਹਿਤ ਦਾ ਹਿੱਸਾ ਹੈ। ਇਸ ਤੋਂ ਬਾਅਦ ਭਾਈ ਵੀਰ ਸਿੰਘ, ਨਾਨਕ ਸਿੰਘ, ਪੀਲੂ, ਦਮੋਦਰ, ਬੁੱਲੇ ਸ਼ਾਹ, ਕਾਦਰਯਾਰ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ ਆਦਿ l ਇਸ ਤਰਾਂ ਦੇ ਹੋਰ ਬਹੁਤ ਨਾਮ ਹਨ ਜਿਆਂ ਨੇ ਸਾਡੇ ਸਾਹਿਤ ਨੂੰ ਅਣਮੁੱਲਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ।

ਪਿਛੋਕੜ

[ਸੋਧੋ]

ਹਰ ਕਾਲ ਆਪਣੇ ਸਮੇਂ ਦੀ ਆਵਾਜ਼ ਹੁੰਦਾ ਹੈ। ਜਿਹੋ ਜਿਹੀ ਅਵਾਮ ਦੀ ਸਮਾਜਿਕ, ਭਾਈਚਾਰਕ, ਆਰਥਿਕ, ਰਾਜਸੀ ਦਸ਼ਾ ਹੋਵੇਗੀ ਤਾਂ ਸਾਹਿਤ ਵਿਚ ਉਸ ਦੀ ਤਰਜ਼ਮਾਨੀ ਉਹੋ ਜਿਹੀ ਹੀ ਹੋਵੇਗੀ।

ਪੰਜਾਬ ਦੇ ਸਮੁੱਚੇ ਇਤਿਹਾਸ ਵਿੱਚ ਇਹ ਕਾਲ ਅਸ਼ਾਂਤੀ, ਰਾਜਸੀ ਅਨਿਸ਼ਚਿਤਤਾ, ਸਦਾਚਾਰਕ ਤੇ ਧਾਰਮਿਕ ਗਿਰਾਵਟ ਅਤੇ ਕਈ ਪ੍ਰਕਾਰ ਦੀਆਂ ਲਹਿਰਾਂ ਤੇ ਅੰਦੋਲਨਾਂ ਕਰਕੇ ਸਾਡਾ ਧਿਆਨ ਖਿੱਚਦਾ ਹੈ। ਇਸ ਦੌਰ ਵਿੱਚ ਹਿੰਦੂ-ਸ਼ਾਹੀ ਖਤਮ ਹੋ ਰਹੀ ਸੀ ਅਤੇ ਰਾਜਸੀ ਤਾਕਤ ਦਿਨੋ-ਦਿਨ ਆਪਣੇ ਪੈਰਾਂ ਤੇ ਪੱਕੀ ਹੋ ਰਹੀ ਸੀ। ਇਸ ਸਮੇਂ ਦੇ ਮੁਸਲਮਾਨੀ ਹਮਲੇ ਕੇਵਲ ਲੁੱਟ ਲਈ ਨਹੀਂ ਸਗੋਂ ਆਪਣੇ ਰਾਜ ਦੇ ਪ੍ਰਚਾਰ ਲਈ ਸਨ।

ਕਮਜ਼ੋਰ ਰਾਜਸੀ ਅਤੇ ਪ੍ਰਬੰਧਕੀ ਢਾਂਚਾ ਵਿਦੇਸ਼ੀ ਹਮਲਿਆਂ ਲਈ ਪ੍ਰੇਰਦਾ ਸੀ ਅਤੇ ਉੱਥੇ ਧਾਰਮਿਕ ਅਤੇ ਸਦਾਚਾਰਕ ਪਤਨ ਨਵੇਂ ਮਤ ਦੀ ਵਿਚਾਰਧਾਰਾ ਦੇ ਲਈ ਰਾਹ ਸਾਫ ਕਰ ਰਿਹਾ ਸੀ। ਇਸ ਕਾਲ ਦੀ ਇਹ ਪ੍ਰਧਾਨ ਸਥਿਤੀ ਸੀ।

10 ਵੀਂ ਸਦੀ ਵਿੱਚ ਜੋਗ ਮਤ ਦਾ ਜ਼ੋਰ ਵਧਿਆ। ਇਸ ਨੇ ਜਾਤ ਪਾਤ ਦਾ ਭੇਟ ਮਿਟਾਉਣ ਅਤੇ ਲੋਕਾਂ ਨੂੰ ਸਹੀ ਰਸਤੇ ਪਾਉਣ ਵਿਚ ਆਪਣਾ ਹਿੱਸਾ ਪਾਇਆ।

ਨਾਥਾਂ ਤੋਂ ਇਲਾਵਾ ਲੋਕਾਂ ਤੇ ਮੁਸਲਮਾਨ ਫ਼ਕੀਰਾਂ ਦਾ ਵੀ ਡੂੰਘਾ ਅਸਰ ਹੋਇਆ। ਇਨ੍ਹਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਆਪਣਾ ਕੇਂਦਰ ਬਣਾ ਕੇ ਲੋਕਾਂ ਤੇ ਅਸਰ ਪਾਇਆ। ਰਾਜਸੀ ਗੜਬੜੀਆਂ ਦੇ ਕਾਰਨ ਜਿੱਥੇ ਸਾਹਿਤ ਦੀ ਉਪਜ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਲਹਿਰਾਂ, ਅੰਦੋਲਨਾ ਦੇ ਕਰਕੇ ਸਾਹਿਤ ਬਹੁਤ ਘੱਟ ਸਿਰਜਿਆ ਗਿਆ ਹੈ। ਜਿਸ ਤਰ੍ਹਾਂ ਦਾ ਵਾਤਾਵਰਣ ਪੂਰਵ ਨਾਨਕ ਕਾਲ ਵਿੱਚ ਸੀ, ਉਸ ਅਧੀਨ ਵਧੇਰੇ ਕਰਕੇ ਅਧਿਆਤਮਕ ਅਤੇ ਸਦਾਚਾਰਕ ਸਾਹਿਤ ਦੀ ਸਿਰਜਣਾ ਹੀ ਜ਼ਿਆਦਾ ਮਾਤਰਾ ਵਿੱਚ ਹੋਈ ਹੈ।[1]

ਪੰਜਾਬੀ ਸਾਹਿਤ ਦੀਆਂ ਜੜ੍ਹਾਂ ਪੰਜਾਬ ਖਿੱਤੇ ਦੇ ਉਸ ਸਾਹਿਤ ਵਿੱਚ ਲਭਦੀਆਂ ਹਨ ਜਿਸ ਦੀ ਭਾਸ਼ਾ ਅਜੇ ਪੂਰਨ ਭਾਂਤ ਨਿੱਖਰ ਕੇ ਪੰਜਾਬੀ ਨਹੀਂ। ਦਸਵੀਂ ਗਿਆਰਵੀਂ ਸਦੀ ਦਾ ਨਾਥ ਜੋਗੀਆਂ ਦੇ ਸਾਹਿਤ ਵਿੱਚ ਮਿਲਦੇ ਬਹੁਤ ਸਾਰੇ ਟੋਟੇ ਪੰਜਾਬੀ ਦੇ ਵਧੇਰੇ ਨੇੜੇ ਹਨ। ਉਦਾਹਰਨ ਲਈ, “ਦਾਮਿ ਕਾਢਿ ਬਾਘਨਿ ਲੈ ਆਇਆ ਮਾਉ ਕਹੇ ਮੇਰਾ ਪੂਤ ਬੇਆਹਿਆ” ਇਸ ਨੇੜਤਾ ਦਾ ਭਾਸ ਕਰਾਉਂਦੀ ਹੈ। ਡਾ. ਮੋਹਨ ਸਿੰਘ ਅਨੁਸਾਰ ਸਭ ਤੋਂ ਪੁਰਾਣਾ ਪੰਜਾਬੀ ਸਹਿਤ, ਅੱਠਵੀਂ-ਨੌਵੀਂ ਸਦੀ ਵਿੱਚ ਲਿਖਿਆ ਨਾਥ ਜੋਗੀਆਂ ਦਾ ਸਾਹਿਤ ਹੈ। ਪੰਜਾਬ ਦਾ ਚੱਪਾ-ਚੱਪਾ ਨਾਥ-ਜੋਗੀਆਂ ਦੇ ਟਿਕਾਣਿਆਂ ਨਾਲ ਭਰਪੂਰ ਹੈ। ਪੰਜਾਬੀ ਦਾ ਪ੍ਰਥਮ ਕਵੀ ਗੋਰਖ ਨਾਥ, ਮਛੰਦਰ ਨਾਥ ਦਾ ਚੇਲਾ ਸੀ। ਵੈਸੇ ਗੁਰੂ ਮਛੰਦਰ ਨਾਥ ਅਤੇ ਉਸ ਦੇ ਸਮਾਕਾਲੀ ਜਲੰਧਰ ਨਾਥ ਦੀ ਰਚਨਾ ਵਿੱਚ ਵੀ ਪੰਜਾਬੀ ਦੇ ਸ਼ਬਦ ਮਿਲਦੇ ਹਨ ਪਰੰਤੂ ਉਹਨਾਂ ਦੀ ਭਾਸ਼ਾ ਮੁੱਖ ਰੂਪ ਵਿੱਚ ਸਧੂਕੜੀ ਸੀ।[2]

ਮੱਧਕਾਲੀ ਪੰਜਾਬੀ ਸਾਹਿਤ

[ਸੋਧੋ]

ਪੂਰਵ ਨਾਨਕ ਕਾਲ

[ਸੋਧੋ]

ਪੂਰਵ ਨਾਨਕ ਕਾਲ ਵਿੱਚ ਬਹੁਤ ਸਾਰੀਆਂ ਸਾਹਿਤਕ ਧਾਰਾਵਾਂ ਅਤੇ ਪ੍ਰਵਿਰਤੀਆਂ ਸਾਡੇ ਸਾਹਮਣੇ ਆਉਂਦੀਆਂ ਹਨ। ਜਿਨਾ ਵਿੱਚੋਂ ਪ੍ਰਮੁੱਖ ਨਾਥ ਜੋਗੀਆਂ ਦਾ ਸਾਹਿਤ, ਸੂਫ਼ੀ ਸਾਹਿਤ, ਬੀਰ ਕਾਵਿ, ਭਗਤੀ ਕਾਵਿ, ਵਾਰਤਕ ਸਾਹਿਤ,ਅਤੇ ਲੋਕ ਸਾਹਿਤ ਹਨ। ਇਹਨਾ ਪੂਰਵ ਨਾਨਕ ਕਾਲ ਦੀਆਂ ਸਾਹਿਤਿਕ ਧਾਰਾਵਾ ਦੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

ਨਾਥ ਜੋਗੀਆਂ ਦਾ ਸਾਹਿਤ

[ਸੋਧੋ]

ਪੰਜਾਬੀ ਸਾਹਿਤ ਦਾ ਮੁਢ ਅਸੀਂ ਨਾਥ ਜੋਗੀਆਂ ਦੇ ਸਾਹਿਤ ਤੋ ਮੰਨ ਸਕਦੇ ਹਾਂ। ਡਾਕਟਰ ਮੋਹਨ ਸਿੰਘ ਅਨੁਸਾਰ ਇਸ ਮਤ ਦਾ ਆਰੰਭ ਅਰਥਵ ਵੇਦ ਤੋ ਹੋਇਆ ਹੈ। ਪਰ ਡਾਕਟਰ ਰਾਧਾ ਕ੍ਰਿਸ਼ਨਨ ਇਸ ਗੱਲ ਨਾਲ ਸਹਿਮਤ ਨਹੀ, ਉਹ ਜੋਗ ਦਾ ਬੀਜ ਉਪਨਿਸ਼ਦਾ ਵਿੱਚੋਂ ਹੀ ਲਭਦੇ ਹਨ, ਨਾਥ ਜੋਗੀਆਂ ਦੇ ਸਾਹਿਤ ਨੂ ਸਭ ਤੋ ਪਹਿਲਾਂ ਡਾ ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ, ਪੰਜਾਬੀ ਸਾਹਿਤ ਦੇ ਸ਼ੁਰੂ ਦੇ ਕਾਲ ਨੂ ਨਾਥ ਜੋਗੀਆਂ ਦਾ ਸਮਾਂ ਕਿਹਾ ਅਤੇ ਉਹਨਾ ਦੀਆਂ ਰਚਨਾਵਾਂ ਦੇ ਪਰਮਾਨ ਦੇ ਕੇ ਉਹਨਾ ਨੂੰ ਪੰਜਾਬੀ ਹੋਣਾ ਸਿੱਧ ਕੀਤਾ, ਪਰਮੁੱਖ ਨਾਥ ਜੋਗੀ ਹੇਠ ਲਿਖੇ ਹਨ।

ਗੋਰਖ ਨਾਥ

[ਸੋਧੋ]

ਗੋਰਖ ਨਾਥ ਜੋਗ ਪੰਥ ਵਿੱਚ ਸਭ ਤੋਂ ਵੱਧ ਸਤਕਾਰਿਆ ਹੋਇਆ ਨਾਮ ਹੈ।ਪੰਜਾਬੀ ਸਾਹਿਤ ਵਿਚ ਇਸ ਦਾ ਨਾਮ ਵਾਰ ਵਾਰ ਆਇਆ ਹੈ।ਆਪ ਮਛੰਦਰ ਨਾਥ ਦੇ ਚੇਲੇ ਸਨ।ਆਪ ਦੀ ਪ੍ਰਸਿੱਧੀ ਆਪਣੇ ਗੁਰੂ ਤੋਂ ਵੀ ਵੱਧ ਹੋ ਗਏ।

ਆਪ ਮੂਰਤੀ ਪੂਜਾ ਦੇ ਵਿਰੋਧੀ ਹਠ ਯੋਗ ਦਾ ਪ੍ਰਚਾਰ, ਜਾਤ ਪਾਤ ਦਾ ਖੰਡਨ, ਤਪ ਅਤੇ ਤਪੱਸਿਆ, ਏਕਤਾ ਅਤੇ ਸਮਾਨਤਾ ਲਈ ਸਾਂਝੇ ਲੰਗਰ ਤੇ ਸਾਂਝੀ ਪਾਠ-ਪੂਜਾ।

ਚਰਪਟ ਨਾਥ

[ਸੋਧੋ]

ਆਪ ਗੋਰਖ ਨਾਥ ਦੇ ਚੇਲਿਆਂ ਵਿਚੋਂ ਸਭ ਤੋਂ ਵੱਧ ਪ੍ਰਸਿੱਧ ਹੋਏ।ਆਪ ਚੰਬਾ ਰਿਆਸਤ ਦੇ ਰਾਜੇ ਦੇ ਗੁਰੂ ਸਨ।ਰਿਆਸਤਾਂ ਦੇ ਸਿੱਕੇ ਉੱਤੇ ਮੰਦਰਾਂ ਦੇ ਨਿਸ਼ਾਨ ਮਿਲਦੇ ਹਨ।ਆਪ ਦੀ ਰਚਨਾ ਦਾ ਦਾਰਸ਼ਨਿਕ ਪਿਛੋਕੜ ਤਾਂ ਗੋਰਖ ਨਾਥ ਨਾਲ ਮਿਲਦੇ ਹਨ।ਸਮਕਾਲੀ ਜੀਵਨ ਦਾ ਚਿਤਰਣ ਕਰਕੇ ਅਲੰਕਾਰਾਂ, ਵਿਅੰਗ, ਟੋਕ ਤੇ ਹਾਸੇ ਕਰਕੇ, ਕਾਵਿ ਸਿਰਜਣਾ ਦੀ ਬਹੁ ਰੂਪਤਾ ਕਰਕੇ ਅਤੇ ਪੰਜਾਬੀ ਲਹਿਜੇ ਤੇ ਉਚਾਰਨ ਕਰਕੇ ਪੰਜਾਬੀ ਸਾਹਿਤ ਵਿਚ ਉਸ ਦਾ ਵਿਸ਼ੇਸ਼ ਸਥਾਨ ਹੈ।


3. ਮਛੰਦਰ ਨਾਥ

3. ਜਲੰਧਰ ਨਾਥ

4. ਪੂਰਨ ਨਾਥ

5. ਰਤਨ ਨਾਥ

6. ਗੋਪੀ ਨਾਥ

ਸੂਫ਼ੀ ਸਾਹਿਤ

[ਸੋਧੋ]

ਸੂਫ਼ੀ ਮੱਤ ਦਾ ਜਨਮ ਕੁਝ ਸਾਹਿਤਕਾਰ ਹਜਰਤ ਮਹੁੰਮਦ ਸਾਹਿਬ ਤੋ ਸਮਝਦੇ ਹਨ।ਭਾਵੇਂ ਆਮ ਵਿਚਾਰ ਹੈ ਕਿ ਹਜਰਤ ਅਲੀ ਇਸ ਮੱਤ ਦੇ ਮੋਢੀ ਹਨ ਸੂਫ਼ੀ ਮੱਤ ਦਾ ਜਨਮ ਕੇਂਦਰ ਵੀ ਇਸਲਾਮ ਵਾਂਗ ਅਰਬ ਹੀ ਹੈ। ਇਸਲਾਮ ਵਿੱਚ ਪੈਗੰਬਰ ਨੂੰ ਰੱਬ ਦਾ ਰਸੂਲ ਮੰਨਿਆ ਗਿਆ ਹੈ।ਇਸ ਲਈ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਹੀ ਆਪਣਾ ਮੁਰਸ਼ਦ ਮੰਨਦੇ ਸਨ।

ਅਰਬੀ ਦੇ ਸੂਫੀ ਮਤ ਨੂੰ ਅਸੀਂ 'ਸ਼ਾਮੀ ਸੂਫੀ ਮਤ' ਕਹਿ ਸਕਦੇ ਹਾਂ।ਇਸ ਮਤ ਦੇ ਦੋ ਵੱਡੇ ਕੇਂਦਰ ਕੂਫ਼ਾ ਅਤੇ ਬਸਰਾ ਸਨ।

ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਅਨੁਸਾਰ ਪੰਜਾਬ ਦਾ ਸੂਫ਼ੀ ਮੱਤ ਵੀ ਓਸੇ ਵੱਡੀ ਸੂਫ਼ੀ ਲਹਿਰ ਦੀ ਸ਼ਾਖਾ ਹੈ .ਪੂਰਵ ਨਾਨਕ ਕਾਲ ਵਿੱਚ ਇਕੋ ਇੱਕ ਸੂਫ਼ੀ ਕਵੀ ਹੋਏ ਹਨ ਜਿਨਾ ਦਾ ਨਾਮ ਹੇਠ ਲਿਖਿਆ ਅਨੁਸਾਰ ਹੈ।

ਬਾਬਾ ਫਰੀਦ

[ਸੋਧੋ]

ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ।ਚਾਹੇ ਪੰਜਾਬੀ ਸਾਹਿਤ ਵਿੱਚ ਉਤੱਮ ਸਾਹਿਤ ਮਿਲਦਾ ਹੈ ਤਾਂ ਵੀ ਫ਼ਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਮੀਲ ਪੱਥਰ ਕਿਹਾ ਜਾਂਦਾ ਹੈ।ਬਾਬਾ ਫਰੀਦ ਜੀ ਦਾ ਜਨਮ 1173 ਈ.ਵਿਚ ਮੁਲਤਾਨ ਦੇ ਪਿੰਡ ਖੋਤਵਾਲ ਵਿੱਚ ਹੋਇਆ ਤੇ 1266 ਈ.ਵਿਚ ਆਪ ਦੀ ਮੌਤ ਹੋ ਗਈ।

ਇਨ੍ਹਾਂ ਦਵਾਰਾ ਰਚਿਆ ਸਾਹਿਤ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।।ਇਹਨਾਂ ਨੇ ਠੁੱਕਦਾਰ ਪੰਜਾਬੀ ਵਿਚ ਸਾਹਿਤ ਦੀ ਰਚਨਾ ਕਰੀ ਹੈ।ਫ਼ਰੀਦ ਜੀ ਦੇ 112 ਸਲੋਕ ਤੇ 2 ਸ਼ਬਦ ਰਾਗ ਸੂਹੀ ਤੇ 2 ਰਾਗ ਆਸਾ ਵਿੱਚ ਦਰਜ ਹਨ।[3]

ਬੀਰ ਰਸੀ ਸਾਹਿਤ

[ਸੋਧੋ]

ਪੂਰਵ ਨਾਨਕ ਕਾਲ ਵਿੱਚ ਬੀਰ ਰਸੀ ਕਵਿਤਾ ਨੂ ਵਿਸ਼ੇਸ਼ ਥਾਂ ਪ੍ਰਾਪਤ ਹੈ ।ਪੰਜਾਬੀ ਸਾਹਿਤ ਦੀ ਬੀਰ ਰਸੀ ਪਰੰਪਰਾ ਬਹੁਤ ਪੁਰਾਣੀ ਹੈ।ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਇਥੋਂ ਦੇ ਵਸਨੀਕਾਂ ਨੂੰ ਆਦਿ ਕਾਲ ਤੋਂ ਬਾਹਰਲੇ ਹੱਲਿਆ ਦਾ ਸਾਹਮਣਾ ਕਰਨਾ ਪੈਂਦਾ ਸੀ ।ਇਸ ਲਈ ਯੋਧਿਆਂ ਨੂੰ ਯੁੱਧ ਖੇਤਰ ਵਿੱਚ ਜੂਝਣ ਦੀ ਪ੍ਰੇਰਨਾ ਦੇਣ ਲਈ ਅਤੇ ਵੱਧ ਚੜ੍ਹੇ ਕੇ ਬੀਰਤਾ ਦਾ ਜੱਸ ਗਾਉਣ ਵਾਲਿਆ ਲਈ ਵਾਰਾਂ ਰਚੀਆਂ ਜਾਂਦੀਆਂ ਸਨ।ਇਸ ਕਾਲ ਦੀਆਂ ਬੀਰ ਰਸੀ ਵਾਰਾਂ ਹੇਠ ਲਿਖੇ ਅਨੁਸਾਰ ਹਨ।

  1. ਰਾਏ ਕਮਾਲ ਮਉਜ ਦੀ ਵਾਰ
  2. ਟੁੰਡੇ ਅਸਰਾਜੇ ਦੀ ਵਾਰ
  3. ਸਿਕੰਦਰ ਇਬ੍ਰਾਹਿਮ ਦੀ ਵਾਰ
  4. ਲਲਾ ਬਹਿਲੀਮਾ ਦੀ ਵਾਰ
  5. ਹਸਨੇ ਮਹਿਮੇ ਦੀ ਵਾਰ
  6. ਮੂਸੇ ਦੀ ਵਾਰ

ਲੋਕ ਸਾਹਿਤ

[ਸੋਧੋ]

ਹਰ ਭਾਸ਼ਾ ਦਾ ਮੁਢਲਾ ਸਾਹਿਤ ਹੁੰਦਾ ਹੈ। ਜਿਸ ਵਿੱਚ ਲੋਕ-ਗੀਤ,ਬੁਝਾਰਤਾਂ, ਅਖਾਣ ਕਹਿ-ਮੁਕਰਨੀਆਂ ਤੇ ਦੋ ਸੁਖਨੇ ਹੁੰਦੇ ਹਨ। ਕਹਿ ਮੁਕਰਨੀਆਂ ਉਨ੍ਹਾਂ ਬੁਝਾਰਤਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਵਿਚ ਜਵਾਬ ਦਿੱਤਾ ਗਿਆ ਹੁੰਦਾ ਹੈ।

ਦੋ ਸੁਖਨੇ ਵਿਚ ਸਵਾਲ ਦੋ ਭਾਸ਼ਾਵਾਂ ਵਿੱਚ ਹੁੰਦਾ ਹੈ ਅਤੇ ਉੱਤਰ ਅਜਿਹੇ ਸ਼ਬਦਾਂ ਰਾਹੀਂ ਦਿੱਤਾ ਜਾਂਦਾ ਹੈ ਜਿਹੜਾ ਦੋ ਭਾਸ਼ਾਵਾਂ ਵਿੱਚ ਸਾਂਝਾ ਹੋਵੇ।

ਨਾਨਕ ਕਾਲ ਵਿੱਚ ਲੋਕ ਸਾਹਿਤ ਵਿਸ਼ੇਸ਼ ਥਾਂ ਰਖਦਾ ਹੈ .ਲੋਕ ਸਾਹਿਤ ਦੀਆਂ ਪ੍ਰਮੁੱਖ ਧਾਰਾਵਾ ਹੇਠ ਲਿਖੇ ਅਨੁਸਾਰ ਹਨ .

  1. ਪੰਜਾਬੀ ਲੋਕ ਗੀਤਾ ਦੇ ਪ੍ਰਧਾਨ ਰੂਪ
  2. ਬੁਝਾਰਤ

ਵਾਰਤਕ ਸਾਹਿਤ

[ਸੋਧੋ]

ਵਾਰਤਕ ਸਾਹਿਤ ਦੀ ਬਾਕੀ ਸਾਹਿਤ ਰੂਪਾਂ ਵਾਂਗ ਹਰਮਨ ਪਿਆਰੀ ਵਿਧਾ ਹੈ।ਇਹ ਘੋਖ, ਪਰਖ, ਮਨੁੱਖੀ ਬੁੱਧੀ ਦੇ ਨਿਸ਼ਚਿਤ ਪੱਧਰ ਤੱਕ ਪਕੇਰਾ ਹੋਣ ਉਪਰੰਤ ਹੋਂਦ ਵਿੱਚ ਆਉਂਦੀ ਹੈ।ਇਸ ਕਾਲ ਵਿੱਚ ਵਾਰਤਕ ਦੇ ਬਹੁਤ ਸਾਰੇ ਰੂਪ ਹੋਂਦ ਵਿੱਚ ਆਏ । ਜਨਮਸਾਖੀਆਂ, ਸਾਖੀਆਂ, ਗੋਸ਼ਟਾਂ, ਬਚਨ, ਟੀਕੇ ਅਤੇ ਫੁਟਕਲ ਰਚਨਾਵਾਂ ਵਾਰਤਕ ਸਾਹਿਤ ਵਿੱਚ ਹਾਜ਼ਿਰ ਹਨ।[4]

ਪੂਰਵ ਨਾਨਕ ਕਾਲ ਬਾਰੇ ਸਮੁੱਚੀ ਵਿਚਾਰ ਚਰਚਾ

ਪੂਰਵ ਨਾਨਕ ਕਾਲ ਵਿੱਚ ਪੰਜਾਬੀ ਸਾਹਿਤ ਸਿਰਜਣ ਦੀ ਇਹ ਨਿਸਚਤ ਮਰਿਆਦਾ ਹੋਂਦ ਵਿੱਚ ਆ ਚੁਕੀ ਸੀ।8ਵੀ 9ਵੀ ਸਦੀ ਤੋਂ ਵੱਖ ਵੱਖ ਖੇਤਰਾਂ, ਭਿੰਨ ਭਿੰਨ ਮਨੋਰਥਾਂ ਵਾਸਤੇਸਾਹਿਤ ਰਚਿਆ ਜਾ ਰਿਹਾ ਸੀ। ਮੁਸਲਮਾਨਾਂ ਦੇ ਪੰਜਾਬ ਵਿੱਚ ਪ੍ਰਵੇਸ਼ ਕਰਨ ਨਾਲ ਭਾਰਤੀ ਸਾਹਿਤ ਵਿਚ ਅਰਬੀ ਫ਼ਾਰਸੀ ਸਾਹਿਤ ਦੀ ਮਹਾਨ ਪਰੰਪਰਾ ਵੀ ਹੋਂਦ ਵਿੱਚ ਆ ਚੁਕੀ ਸੀ।

ਮੱਧ ਕਾਲ ਦੇ ਸਾਰੇ ਕਾਲ ਰੂਪਾਂ ਦਾ ਆਰੰਭ ਪੂਰਵ ਨਾਨਕ ਕਾਲ ਵਿੱਚ ਹੋ ਚੁੱਕਾ ਸੀ।ਇਸ ਕਾਲ ਦਾ ਜੋ ਸਾਹਿਤ ਰੂਪ ਅੱਜ ਸਾਡੇ ਕੋਲ ਹੈ ਉਸ ਵਿੱਚ ਤਬਦੀਲੀ ਆ ਚੁਕੀ ਹੈ।

ਨਾਥਾਂ ਜੋਗੀਆਂ ਦਾ ਸਾਹਿਤ ਵੀ ਸਾਡਾ ਗੌਰਵਮਈ ਵਿਰਸਾ ਹੈ।ਅਧਿਆਤਮਕ ਵਿਚਾਰ-ਧਾਰਾ ਤੋਂ ਇਲਾਵਾ ਇਸ ਰਚਨਾ ਦਾ ਮਹੱਤਵ ਇਸ ਗੱਲ ਵਿੱਚ ਵੀ ਹੈ ਕਿ ਇਸ ਨਾਲ ਸਾਡੀ ਭਾਸ਼ਾ ਅਪ-ਭਾਸ਼ਾ ਦੇ ਰੂਪ ਤੋਂ ਨਿਕਲ ਕੇ ਲੋਕ ਭਾਸ਼ਾ ਵੱਲ ਨੂੰ ਆਈ।ਪੰਜਾਬੀ ਦੀ ਮੂਲ ਲਿੱਪੀ 'ਸਿੱਧ ਮਾਤ੍ਰਿਕਾ' ਦੀ ਵਰਤੋਂ ਵੀ ਪਹਿਲਾ ਇਨ੍ਹਾਂ ਜੋਗੀਆਂ ਨੇ ਹੀ ਕਰੀ ਸੀ।[5]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. A History of Punjabi Literature (1100-1932), author: Mohan Singh, pages=19
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).