ਕਾਦਰਯਾਰ
ਕਾਦਰਯਾਰ | |
---|---|
ਜਨਮ | 1802 ਮਾਛੀਕੇ, ਪੰਜਾਬ (ਹੁਣ ਸ਼ੇਖੂਪੁਰਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ) |
ਮੌਤ | 1892 |
ਪੇਸ਼ਾ | ਕਵੀ |
ਕਾਦਰਯਾਰ (1802 - 1892) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ। ਉਨ੍ਹਾਂ ਦੀ ਰਚਨਾ ਕਿੱਸਾ ਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਹੈ।
ਜੀਵਨ
[ਸੋਧੋ]ਕਾਦਰ ਬਖਸ਼ ਉਪਨਾਮ ‘ਕਾਦਰਯਾਰ` ਜਾਂ ‘ਕਾਦਰ` ਸੰਧੂ ਜੱਟ, ਪਿੰਡ ਮਾਛੀਕੇ (ਐਮਨਾਬਾਦ-ਗੁਜਰਾਂਵਾਲਾ, ਜਨਮ 1802 ਈ. ਤੇ ਦੇਹਾਂਤ 1892 ਈ.) ਸਾਧਾਰਣ ਪੜ੍ਹਿਆ ਲਿਖਿਆ, ਸੁਭਾਉ ਦਾ ਫਕੀਰ ਦਰਵੇਸ਼ ਤੇ ਇਸਲਾਮੀ ਸ਼ਰ੍ਹਾ ਦਾ ਪਾਬੰਦ, ਪਰ ਹਿੰਦੂ ਧਰਮ ਤੋਂ ਭਲੀ ਪ੍ਰਕਾਰ ਜਾਣੂ, ਸ਼ੁਰੂ ਸ਼ੁਰੂ ਵਿੱਚ ਖੇਤੀ ਜ਼ਿੰਮੀਦਾਰੀ ਕਰਨ ਵਾਲਾ ਤੇ ਪਿੱਛੋਂ ਰਾਂਝੇ ਵਾਂਗ ਭਰਾਵਾਂ-ਭਰਜਾਈਆਂ ਦੀ ਤਾਹਨਿਆਂ ਮਿਹਣਿਆਂ ਦਾ ਸ਼ਿਕਾਰ ਹੋ ਕੇ ਘਰ ਬਾਰ ਛੱਡ ਛਡਾ ਕੇ ਰਮਤਾ ਜੋਗੀ ਬਣ ਆਜ਼ਾਦਾਨਾ ਘੁੰਮਣ ਫਿਰਨ ਵਾਲਾ ਬੰਦਾ ਸੀ।
ਰਚਨਾਵਾਂ
[ਸੋਧੋ]- ਕਿੱਸਾ ਪੂਰਨ ਭਗਤ[1][2]
- ਕਿੱਸਾ ਰਾਜਾ ਰਸਾਲੂ
- ਕਿੱਸਾ ਸੋਹਣੀ-ਮਹੀਵਾਲ[1]
- ਸੀ-ਹਰਫੀਆਂ ਹਰੀ ਸਿੰਘ ਨਲਵਾ[3]
- ਮਹਿਰਾਜਨਾਮਾ
- ਰਾਜਨਾਮਾ
- ਹਰੀ ਸਿੰਘ ਨਲਵਾ[4]
ਰਚਨਾ ਵੇਰਵਾ
[ਸੋਧੋ]ਮਿਅਰਾਜ ਨਾਮਾ
[ਸੋਧੋ]‘ਮਿਅਰਾਜ ਨਾਮਾ` ਕਾਦਰਯਾਰ ਦੀ ਸਭ ਤੋਂ ਲੰਮੀ ਰਚਨਾ ਹੈ। ਇਸਦੇ 1014 ਬੰਦ ਹਨ ਤੇ ਇਹ ਦਵੱਯਾ ਛੰਦ ਵਿੱਚ ਹੈ। ਕਾਦਰਯਾਰ ਨੇ ‘ਮਿਅਰਾਜ ਨਾਮਾ` 1247 ਹਿਜਰੀ ਮੁਤਾਬਿਕ 1832 ਈ. ਵਿੱਚ ਮੁਕੰਮਲ ਕੀਤਾ। ‘ਮਿਅਰਾਜ ਨਾਮਾ` ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਰੱਬ ਨਾਲ ਮਿਲਾਪ ਤੇ ਉਸਦੀ ਦਰਗਾਹ ਵਿੱਚ ਪਹੁੰਚਣ ਤਕ ਦੇ ਸਫਰ ਦੀ ਕਹਾਣੀ ਹੈ। ਇਸਲਾਮੀ ਇਹਿਤਾਸ ਵਿੱਚ ਇਸ ਘਟਨਾ ਦੀ ਬੜੀ ਮਹੱਤਤਾ ਤੇ ਮਹਾਨਤਾ ਹੈ। ਇਸ ਵਿਚੋਂ ਕਾਦਰਯਾਰ ਦੀ ਇਸਲਾਮੀ ਇਤਿਹਾਸਕ ਮਿਥਿਹਾਸਕ ਜਾਣਕਾਰੀ ਦੀ ਭਰਪੂਰ ਗਵਾਹੀ ਮਿਲਦੀ ਹੈ ਇਹ ਗੱਲ ਵਿਸ਼ੇਸ਼ ਕਰਕੇ ਵਰਣਨਯੋਗ ਹੈ ਕਿ ਭਾਵੇਂ ਔਰੰਗਜ਼ੇਬ ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਸਮੇਂ ਤੱਕ ਇਸਲਾਮੀ ਸਾਹਿਤ ਢੇਰ ਸਾਰਾ ਵਜੂਦ ਵਿੱਚ ਆਇਆ ਤੇ ਜਿਸ ਵਿੱਚ ‘ਜੰਗ ਨਾਮਾ` ਇਮਾਮ ਹੁਸੈਨ ਦਾ ਖਾਸ ਅਸਥਾਨ ਹੈ, ਪਰੰਤੂ ਹਜ਼ਰਤ ਰਸੂਲ ਪਾਕ ਦੀ ਇਸ ਮਹਾਨ ਘਟਨਾ ਬਾਰੇ ਬਹੁਤ ਖੋਜ ਕਵੀਆਂ ਨੇ ਕੁਝ ਲਿਖਿਆ। ਸ਼ਾਇਦ ਕਾਦਰਯਾਰ ਇਕੋ ਇੱਕ ਅਜਿਹਾ ਇਸਲਾਮੀ ਕਵੀ ਹੈ, ਜਿਸ ਕਲਾ ਨੂੰ ਸਿੱਖਰਾਂ ਛੁਹੰਦਾ ਵਿਖਾਉਂਦੀ ਹੈ। ਇਹ ਕਾਦਰਯਾਰ ਦੀ ਪਹਿਲੀ ਤੇ ਉੱਤਮ ਰਚਨਾ ਮੰਨੀ ਜਾਂਦੀ ਹੈ। ਕਵੀ ਨੇ ਬਹੁਤਾ ਜ਼ੌਰ ਬਿਆਨ ਤੇ ਵਾਰਤਾ ਉੱਪਰ ਦਿੱਤਾ ਹੈ। ਰੋਜ਼ਿਆਂ ਬਾਰੇ ਵੀ ਰੱਬ ਵੱਲੋਂ ਅੰਤਿਮ ਫੈਸਲਾ ਦਿੱਤਾ ਮਿਲਦਾ ਹੈ:
- "ਰਬ ਦਾਨਾ ਬੀਨਾ ਕਸ਼ਫ ਕਲੂਬੀ,
- ਮਹਿਰਮ ਰਾਜ ਦਿਲਾਂ ਦਾ।
- ਪੰਜ ਨਮਾਜਾਂ ਤੇ ਤ੍ਰੀਹ ਰੋਜ਼ੇ,
- ਹਜ਼ਰਤ ਨੂੰ ਫਰਮਾਦਾ।"
ਇਸ ਤਰ੍ਹਾਂ ਇਹ ਇਸਲਾਮੀ ਸ਼ਰੀਅਤ ਤੇ ਧਾਰਮਿਕ ਜੀਵਨ ਦੀ ਇੱਕ ਦਰਸੀ ਕਿਤਾਬ ਕਹੀ ਜਾ ਸਕਦੀ ਹੈ। ਇਸ ਵਿੱਚ ਸੱਤ ਅਸਮਾਨਾਂ ਦੀ ਸੈਰ ਦਾ ਦ੍ਰਿਸ਼ ਬੜੇ ਸੰੁਦਰ ਸ਼ਬਦਾਂ ਵਿੱਚ ਚਿੱਤ੍ਰਿਆ ਹੈ। ਇਸ ਵਿੱਚ ਕਹਾਣੀ-ਰਸ, ਰੌਚਿਕਤਾ ਅਤੇ ਨਾਟਕੀ ਅੰਸ਼ ਤੇ ਢੰਗ ਕਵੀ ਦੀ ਕਾਵਿ-ਕਲਾ ਦੀ ਗਵਾਈ ਭਰਦੇ ਹਨ। ਇਸ ਵਿੱਚ ਅਰਬੀ, ਫਾਰਸੀ ਸ਼ਬਦਾਵਲੀ ਦਾ ਪ੍ਰਯੋਗ ਕਵੀ ਦੀ ਇਨ੍ਹਾਂ ਜ਼ਬਾਨਾਂ ਵਿੱਚ ਮਹਾਰਤ ਦੀ ਸੂਚਕ ਹੈ ਤੇ ਉਸਦੇ ਇਸ ਕਥਨ ਨੂੰ ਝੁਠਲਾਂਦੀ ਹੈ ਕਿ ਉਹ ਇੱਕ ਅਨਪੜ੍ਹ ਤੇ ਦਹਿਕਾਨ ਹੈ।
ਰੋਜਾ ਨਾਮਾ
[ਸੋਧੋ]‘ਮਿਅਰਾਜ ਨਾਮਾ` ਵਾਗੂੰ ਇਹ ਵੀ ਕਵੀ ਦੀ ਧਾਰਮਿਕ ਰਚਨਾ ਹੈ ਇਸ ਵਿੱਚ ਰੋਜਿਆਂ ਦੀ ਸਖਤੀ ਤੇ ਰਿਆਜ਼ਤ ਬਾਰੇ ਚਾਨਣ ਪਾਇਆ ਹੈ। ਰੋਜ਼ੇ ਰੱਖਣਾ ਇੱਕ ਭਾਰੀ ਤਪੱਸਿਆ ਹੈ। ਇਹ ਕਵਿਤਾ ‘ਮਿਆਰਾਜ ਨਾਮਾ` ਤੋਂ ਕਾਫ਼ੀ ਪਿੱਛੋਂ ਲਿਖੀ ਗਈ ਜਾਪਦੀ ਹੈ, ਕਿਉਂਕਿ ਇਸ ਵਿੱਚ ਨਾਟ, ਛੰਦ, ਚਾਲ ਤੇ ਵਲਵਲੇ ਦੀ ਤੀਖਣਤਾ ਦੀ ਗਤੀ ਵਧੇਰੇ ਸਰਲ ਤੇ ਤ੍ਰਾਵ ਭਰਪੂਰ ਹੈ। ਇਸ ਵਿੱਚ ਕਦਾਰਯਾਰ ਨੇ ਬਹੁਤ ਮਰਲ ਤੇ ਮਧੁਰ ਛੰਦ-ਪ੍ਰਬੰਧ ਬੰਨ੍ਹਿਆ ਹੈ।
ਪੂਰਨ ਭਗਤ
[ਸੋਧੋ]ਕਾਦਰਯਾਰ ਨੂੰ ‘ਪੂਰਨ ਭਗਤ` ਦਾ ਜਗਤ ਪ੍ਰਸਿੱਧ ਕਿੱਸਾ ਪਹਿਲੀ ਵਾਰ ਕੀਤਾ। ਇੱਕ ਰਵਾਇਤ ਅਨੁਸਾਰ ਉਸ ਨੇ ਇਹ ਕਿੱਸਾ ਸੋਲ੍ਹਾਂ ਦਿਨਾਂ ਵਿੱਚ ਪੇਸ਼ ਕਰ ਲਿਆ ਅਤੇ ਇਸਦੇ ਬਦਲੇ ਉਸਨੂੰ ਲਾਹੌਰ ਦਰਬਾਰ ਵੱਲੋਂ ਇੱਕ ਖੂਹ ਸੰਪੂਰਣ ਕੀਤਾ ਹੈ। ਉਸਨੂੰ ਇਨ੍ਹਾਂ ਸਹਿਰਫੀਆਂ ਲਈ ਬੈਤ ਛੰਦ ਦਾ ਪ੍ਰਯੋਗ ਕੀਤਾ। ਪੰਜਾ ਸ਼ੀਹਰਫ਼ੀਆਂ ਵਿੱਚ ਸਾਰੇ ਕਿੱਸੇ ਦਾ ਅੰਤ ਹੁੰਦਾ ਹੈ।
1) ਪਹਿਲੀ ਸ਼ੀਹਰਫੀ ਵਿੱਚ ‘ਪੂਰਨ ਦਾ ਜਨਮ` ਹੈ:
- "ਅਲਫ਼-ਆਖ ਸਖੀ ਸਿਆਲਕੋਟ ਅੰਦਰ,
- ਪੂਰਨ ਪੁਤ ਸਲਵਾਨ ਨੇ ਜਾਇਆ ਈ।"
2) ਦੂਜੀ ਸ਼ੀਹਰਫ਼ੀ ਵਿੱਚ ‘ਰਾਜੇ ਦੀ ਪੂਰਨ ਨਾਲ ਗਲਬਾਤ ਤੇ ਕਤਲ ਦਾ ਹੁਕਮ` ਬਾਰੇ ਜ਼ਿਕਰ ਆਉਂਦਾ ਹੈ।
- "ਅਲਫ਼-ਆਓ ਖਾਂ ਪੂਰਨਾ ਕਹੇ ਰਾਜਾ,
- ਬੱਚਾ ਨਿਜ ਤੂੰ ਜੰਮਿਓ ਜਾਇਓ ਵੇ।
- ਜੇ ਮੈਂ ਜਾਣਦਾ ਮਾਰਦਾ ਤਦੋਂ ਤੈ ਨੂੰ।
- ਜਦੋਂ ਭੋਹਰੇ ਪਾਲਣਾ ਪਾਇਓਂ ਵੰ।"
3) ਤੀਜੀ ਸ਼ੀਹਰਫ਼ੀ ਵਿੱਚ ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦਸਣਾ ਆਉਂਦਾ ਹੈ:
- "ਅਲਫ਼-ਆਖ ਸੁਣਾਂਵਦਾ ਗੁਰੂ ਤਾਈਂ,
- ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
- ਨੇਕੀ ਮਾਇ ਤੇ ਬਾਪ ਦੀ ਯਾਦ ਕਰਕੇ,"
ਤੇ ਇਸ ਵਿੱਚ ਪੂਰਨ ਦੀ ਜੋਗ ਦੀ ਮੰਗ ਤੇ ਗੋਰਖ ਦੀ ਪ੍ਰਵਾਨਗੀ, ਪੂਰਨ ਦਾ ਸੁੰਦਰਾਂ ਤੋਂ ਖੈਰ ਲਿਆਉਣਾ, ਪੂਰਨ ਨੂੰ ਵੇਖਦਿਆਂ ਹੀ ਸੰੁਦਰਾਂ ਦਾ ਵਿਕ ਜਾਣਾ, ਪੂਰਨ ਦਾ ਹੀਰੇ ਜਵਾਹਰ ਮੋੜਨ ਸ਼ੀਹਰਫ਼ੀ ਵਿੱਚ ਸਾਰੀਆਂ ਸ਼ੀਹਰਫ਼ੀਆਂ ਨਾਲੋਂ ਵਧੇਰੇ ਰੌਚਿਕਤਾ ਤੇ ਕਾਵਿ ਆਤਮਿਕ ਸੁਹਜ ਹੈ।
4) ਚੌਥੀ ਸ਼ੀਹਰਫ਼ੀ ਇਸ ਪ੍ਰਕਾਰ ਆਰੰਭ ਹੁੰਦੀ ਹੈ:
- "ਅਲਫ ਆਇ ਜੋਗੀ ਸਭੇ ਦੇਖ ਉਹਨੂੰ,
- ਚਾਰੋਂ ਤਰਫ਼ ਚੁਫੇਰਿਉਂ ਘਤ ਘੇਰਾ।
- ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
- ਸਭਨਾਂ ਵਲ ਦੀਦਾਰ ਦਾ ਦੇ ਫੇਰਾ।"
ਤੇ ਇਸ ਵਿੱਚ ਪੂਰਨ ਦਾ ਬਹਾਨੇ ਨਾਲ ਨੱਸ ਜਾਣਾ, ਪੂਰਨ ਦਾ ਮੁੜ ਸਿਆਲਕੋਟ ਜਾਣਾ, ਮਾਂ ਪੁੱਤਰ ਦਾ ਮੇਲ, ਆਦਿ ਦਾ ਵਰਣਨ ਹੈ।
5) ਪੰਜਵੀ ਸ਼ੀਹਰਫ਼ੀ ਦਾ ਆਰੰਭ ਇਸ ਤਰ੍ਹਾਂ ਹੁੰਦਾ ਹੈ:
- "ਅਲਫ਼-ਆਖ ਖੁਦਾਇ ਮਿਲਾਇਆ ਹੈ,
- ਪੂਰਨ ਬਾਰ੍ਹੀਂ ਵਰੀਂ ਫੇਰ ਮਾਪਿਆਂ ਨੂੰ।
- ਨਾਲੇ ਮਾਪਿਆਂ ਨੂੰ ਅੱਖੀਆਂ ਦਿੱਤੀਆਂ ਸੂ,
- ਨਾਲੇ ਲਾਲ ਦਿੱਤਾ ਇਕਲਾਪਿਆਂ ਨੂੰ।"
ਤੇ ਇਸ ਵਿੱਚ ਮੂਲਵਾਨ ਦਾ ਪੂਰਨ ਨੂੰ ਰਾਜ ਸੰਭਾਲਣ ਲਈ ਕਹਿਣਾ, ਪੂਰਨ ਦਾ ਵਿਦਾ ਹੋਣਾ, ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ, ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ ਆਦਿ ਵਰਣਨ ਕੀਤਾ ਹੈ ਤੇ ਇਸ ਤਰ੍ਹਾਂ ਭਗਤ ਦੀ ਵਾਹਤਾ ਸਮਾਪਤ ਹੋ ਜਾਂਦੀ ਹੈ। ਇਸ ਕਿੱਸੇ ਨੂੰ ਜਿੱਥੇ ਪੂਰਨ ਭਗਤ ਦੀ ਪੁਰਾਤਨ ਵਾਹਤਾ ਨੂੰ ਨਵਾ ਜਨਮ ਦਿੱਤਾ, ਉਥੇ ਕਾਦਰਯਾਰ ਨੂੰ ਵੀ ਜਗਤ ਵਿੱਚਖ ਸੁਪ੍ਰਸਿੱਧ ਕਰ ਦਿੱਤਾ।
ਵਾਰ ਪੂਰਨ ਭਗਤ
[ਸੋਧੋ]ਇਹ ਕਿੱਸਾ ਕਾਦਰਯਾਰ ਨੇ ਬੈਤਾਂ ਵਿੱਚ ਲਿਖਿਆ ਸੀ ਤਾਂ ਢਾਡੀ, ਭਟ, ਡੂਮ ਤੇ ਮਰਾਸੀ ਇਸਨੂੰ ਗਾ ਸਕਣ। ਇਹ ਵਾਰ ਕਲੀਆਂ ਵਿੱਚ ਹੈ। ਕੁਲ 970 ਕਲੀਆਂ ਹੈ। ਇਸ ਵਿੱਚ ‘ਵਾਰ` ਦੇ ਸ਼ਿਲਪ-ਵਿਧਾਨ ਨੂੰ ਨਹੀਂ ਅਪਣਾਇਆ ਗਿਆ। ਨਾ ਹੀ ਨਿਸ਼ਾਨੀ ਛੰਦ ਵਰਤਿਆ ਗਿਆ ਹੈ।
ਰਾਜਾ ਰਸਾਲੂ
[ਸੋਧੋ]‘ਰਾਜਾ ਰਸਾਲੂ` ਛੋਟਾ ਜਿਹਾ ਕਿੱਸਾ ਹੈ, ਜਿਸਨੂੰ ‘ਰਾਵੀ ਕੋਕਿਲਾਂ ਦੀ ਵਾਰ` ਵੀ ਕਿਹਾ ਜਾਂਦਾ ਹੈ। ਇਹ ‘ਵਾਰ` ਤੇ ‘ਗਾਉਣ` ਸਰ ਰਿਚਰਡ ਟੈਂਪਲ ਦੇ ਲੈਜੰਡਜ਼ ਆਫ਼ ਦੀ ਪੰਜਾਬ ਵਿੱਚ ਦਿੱਤੇ ਹਨ।
ਬਾਵਾ ਬੁੱਧ ਸਿੰਘ ਦੇ ਕਥਨ ਮੁਤਾਬਿਕ ‘ਰਾਣੀ ਕੋਕਿਲਾਂ` ਦੀ ਵਾਰ ਵੀ ਹੈ। ਕਾਦਰ ਯਾਰ ਕਵੀ ਨੇ ਪੁਰਾਣੀ ਰੀਤ ਮੂਜਬ ਜੱਟਾ ਪੇਡੂਆਂ ਦੇ ਜੀ ਖੁਸ਼ ਕਰਲ ਲਈ ਲਿਖੀ। ਢਾਡੀ ਸਾਰੰਗੀ ਨਾਲ ਗਾਉਂਦੇ ਹੋਣਗੇ। ਬੋਲੀ ਠੇਠ ਜਟਕੀ ਹੈ ਪਰ ਮੁੱਢ ਤੇ ਅੰਤ ਬੜਾ ਸੋਹਣਾ ਤੇ ਗੁਣ ਭਰਿਆ ਹੈ। ਪਹਿਲੇ ਦੋਹੜੇ ਵਿੱਚ ਕੋਕਿਲਾਂ ਦੇ ‘ਕਰੈਕਟਰ` ਦਾ ਨਕਸ਼ਾ ਖਿੱਚ ਦਿੱਤਾ। ਵਿਹੜੇ ਵਿੱਚ ਖਲੋ ਕੇ ਸ਼ੀਸ਼ੇ ਵਿੱਚ ਮੂੰਹ ਵੇਖਣਾ, ਇੱਕ ਰਾਵੀ ਲਈ ਕੀ, ਹਰ ਇੱਕ ਗ੍ਰਹਿਸਤਵ ਲਈ ਬੜੀ ਬੇਹਯਾਈ ਦਾ ਕੰਮ ਹੈ। ਅੰਤ ਵਿੱਚ ਜਦ ਵਾਰ ਖਤਮ ਕੀਤੀ ਤਾਂ ਵੀ ਖੰਡੇ ਘੋੜੇ ਤੇ ਭਾਰੀ ਦੀ ਬੁਰਿਆਈ ਕੀਤੀ।
ਸੋਹਣੀ ਮਹੀਵਾਲ
[ਸੋਧੋ]ਕਲਾ ਦੇ ਪੱਖ ਤੋਂ ਕਿੱਸਾ ‘ਸੋਹਣੀ ਮਹੀਵਾਲ` ਕਾਦਰਯਾਰ ਦੀ ਸਭ ਤੋਂ ਵਧੀਆਂ ਰਚਨਾ ਹੈ। ਇਸ ਕਿਸੇ ਵਿੱਚ ਮੰਗਣੀ ਦੀ ਸੁੰਦਰਤਾ, ਪ੍ਰਨਾਂ ਦਾ ਕਹਿਰ ਭਰਿਆ ਭਿਆਨਕ ਵਹਿਣ, ਸੋਹਣੀ ਦੀ ਅੰਤਮ ਪੁਕਾਰ, ਕਾਦਰ ਵੀ ਕਾਵਿ ਕਲਾ ਦੇ ਸਿਖਰ ਹਨ। ਕਿੱਸਾ ‘ਸੋਹਣੀ ਮਹੀਵਾਲ` ਵਿੱਚ ਕਾਦਰਯਾਰ ਨੇ ਵਾਰਿਸ ਵਾਂਗ ਇਸ਼ਕ ਦਾ ਬੜਾ ਉੱਚਾ ਮਰਤਬਾ ਦੱਸਿਆ ਹੈ ਤੇ ਇਸਦੀ ਬੜੀ ਵਹਿਤ੍ਰ ਪਰ ਅਮਰ ਨੂੰ ਨੂਰੀ ਤਸਵੀਰ ਖਿੱਚੀ ਹੈ। ਕਾਦਰਯਾਰ ਨੇ ਇਹ ਕਿੱਸਾ ‘ਦੱਹਰਿਆ` ਵਿੱਚ ਲਿਖਿਆ।
ਕਾਦਰਯਾਰ ਨੇ ਦੋ ਦੋ ਦੋਹਰਿਆਂ ਦਾ ਇੱਕ ਬੰਦ ਬਣਾਇਆ ਹੈ। ਕੁਲ 171 ਬੰਦ ਹਨ ਜਿਸ ਦਾ ਭਾਵ ਹੈ ਕਿ ਇਸ ਵਿੱਚ ਕੁਲ 342 ਦੋਹਰੇ ਹਨ। ਕਾਦਰਯਾਰ ਦਾ ਕਿੱਸਾ ‘ਸੋਹਣੀ ਮਹੀਵਾਲ` ਭਾਵੇਂ ਹਾਸ਼ਮ ਨਾਲੋਂ ਵਧੇਰੇ ਪ੍ਰਸਿੱਧ ਹੋਇਆ ਪਰੰਤੂ ਕਾਦਰਯਾਰ ਨੇ ਕਹਾਣੀ ਦੀ ਗੋਂਦ ਤੇ ਪਾਤਰ ਉਸਾਰੀ ਤਕਰੀਬਨ ਹਾਸ਼ਮ ਵਾਲੀ ਹੀ ਰਖੀ।
ਸ਼ੀਹਰਫੀ ਸਰਦਾਰ ਹਰੀ ਸਿੰਘ ਨਲੂਆਂ
[ਸੋਧੋ]ਇਸ ਸ਼ੀਹਰਫ਼ੀ ਬੈਂਤਾਂ ਵਿੱਚ ਹੈ। ਬਾਵਾ ਬੁੱਧ ਸਿੰਘ (ਬੰਬੀਹਾ ਬੋਲ, ਪੰਨਾ 166) ਇਸਨੂੰ ‘ਬੈਂਤ ਹਰੀ ਸਿੰਘ` ਲਿਖੇਦ ਹਨ ਇਸ ਸ਼ੀਹਰਫ਼ੀ ਵਿੱਚ ਸਰਦਾਰ ਹਰੀ ਸਿੰਘ ਨਲੂਆਂ ਸ਼ਹੀਦ ਹੋ ਗਿਆ ਸੀ। ਬਾਵਾ ਬੁਧ ਸਿੰਘ ਇਸਨੂੰ ਕੋਈ ਉਚ ਪਾਏ ਦੀ ਰਚਨਾ ਨਹੀਂ ਮੰਨਦੇ ਤੇ ਨਾ ਹੀ ਇਸਨੂੰ ਕੋਈ ਬੀਰ ਰਸ ਦਾ ਚਮਤਕਾਰਾ ਦਸਦੇ ਹਨ ਪਰੰਤੂ ਇਸ ਸ਼ੀਹਰਫੀ ਦੁਆਰਾ ਕਾਦਰਯਾਰ ਪਹਿਲੇ ਪੰਜਾਬੀ ਕੌਮੀ ਕਵੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਕਾਦਰਯਾਰ ਨੇ ਇਸ ਸ਼ੀਹਰਫ਼ੀ ਵਿੱਚ ਹਰੀ ਸਿੰਘ ਨੂੰ ਪੰਜਾਬ ਦੀ ਸੂਰਮਤਾਈ ਤੇ ਸਰਦਾਰੀ ਦਾ ਪ੍ਰਤੀਕ ਦੱਸਿਆ ਹੈ ਤੇ ਉਸਨੂੰ ਪੰਜਾਬ ਦੇ ਨਾਇਕ ਦੇ ਰੂਪ ਵਿੱਚ ਚਿਤ੍ਰਿਆ ਹੈ, ਜਿਸਦਾ ਜੰਮਣਾ ਆਫਰੀ (ਸੁਭਾਅ) ਸੀ। ਇਸ ਸ਼ੀਹਰਫ਼ੀ ਦੇ ਕੁਲ 30 ਬੰਦ ਹਨ। ਹਰ ਬੰਦ ਵਿੱਚ ਚਾਰ ਬੈਂਤ ਹਨ। ਇਸ ਤਰ੍ਹਾਂ ਇਹ ਕੁਲ 120 ਬੈਂਤਾਂ ਦੀ ਪੂਰਨ ਸ਼ੀਹਰਫ਼ੀ ਹੈ।
ਇਨਾਮ
[ਸੋਧੋ]ਉਹ ਲਿਖਦਾ ਹੈ ਕਿ ਪੂਰਨ ਭਗਤ ਦਾ ਕਿੱਸਾ ਲਿਖਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਇੱਕ ਖੂਹ ਇਨਾਮ ਵਿੱਚ ਦਿੱਤਾ ਸੀ:
- 'ਪੂਰਨ ਭਗਤ ਦੀ ਗੱਲ ਸੁਣਾਇਕੇ ਜੀ,
- ਇਕ ਖੂਹ ਇਨਾਮ ਲਿਖਾਇਆ ਮੈਂ।'
ਬਾਹਰੀ ਸਰੋਤ
[ਸੋਧੋ]ਹਵਾਲੇ
[ਸੋਧੋ]- ↑ 1.0 1.1 http://www.dkagencies.com/doc/from/1063/to/1123/bkId/DK55465233292439715325331371/details.html
- ↑ http://www.punjabi-kavita.com/MianQadiryaar.php
- ↑ http://webopac.puchd.ac.in/w21OneItem.aspx?xC=287705
- ↑ http://webopac.puchd.ac.in/w21OneItem.aspx?xC=288418
ਪੁਸਤਕ ਸੂਚੀ
[ਸੋਧੋ]- ਪ੍ਰੋ. ਗੁਲਵੰਤ ਸਿੰਘ, ਕਾਦਰਯਾਰ ਜੀਵਨ ਤੇ ਰਚਨਾ